ਕ੍ਰਿਕਟਰ ਨਮਨ ਧੀਰ ਦੇ ਮਾਤਾ-ਪਿਤਾ ਦਾ ਸਨਮਾਨ ਕੀਤਾ
ਨਮਨ ਧੀਰ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ
ਦੀਪਕ ਗਰਗ
ਫਰੀਦਕੋਟ , 24 ਅਪ੍ਰੈਲ 2024 :
ਮੰਗਲਵਾਰ ਰਾਤ ਸ਼੍ਰੀ ਹਨੂੰਮਾਨ ਜਨਮ ਉਤਸਵ ਮੌਕੇ ਸ਼੍ਰੀ ਖਾਟੂ ਸ਼ਿਆਮ ਸੇਵਾ ਸੰਮਤੀ ਵੱਲੋਂ ਸ਼੍ਰੀ ਸ਼ਿਆਮ ਪ੍ਰੇਮ ਧਾਮ ਮੰਦਿਰ ਫਰੀਦਕੋਟ ਵਿਖੇ ਸੰਕੀਰਤਨ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਫਰੀਦਕੋਟ ਨਿਵਾਸੀ ਅਤੇ ਆਈ.ਪੀ.ਐੱਲ ਟੀਮ ਮੁੰਬਈ ਇੰਡੀਅਨਜ਼ ਦੇ ਖਿਡਾਰੀ ਨਮਨ ਧੀਰ ਦੇ ਪਿਤਾ ਨਰੇਸ਼ ਧੀਰ ਅਤੇ ਮਾਤਾ ਨਿਰੂਪਮਾ ਧੀਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਮੰਦਰ 'ਚ ਨਮਨ ਧੀਰ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਪ੍ਰਧਾਨ ਅਮਿਤ ਜੈਨ ਜੁਗਨੂੰ ਨੇ ਦੱਸਿਆ ਕਿ ਨਮਨ ਧੀਰ ਜੋ ਮੌਜੂਦਾ ਸਮੇਂ ਫਰੀਦਕੋਟ ਦਾ ਰਹਿਣ ਵਾਲੇ ਹਨ ਅਤੇ ਸੱਜੇ ਹੱਥ ਦੇ ਬੱਲੇਬਾਜ਼ ਹਨ, ਦਾ ਜਨਮ 31 ਦਸੰਬਰ 1999 ਨੂੰ ਹਰਿਆਣਾ ਦੇ ਅੰਬਾਲਾ ਵਿਖੇ ਹੋਇਆ ਸੀ।
ਨਮਨ ਧੀਰ ਪਿਛਲੇ ਸਾਲ ਆਈਪੀਐਲ ਨਿਲਾਮੀ ਵਿੱਚ 20 ਲੱਖ ਰੁਪਏ ਵਿੱਚ ਵਿਕੇ ਸੀ। ਮੁੰਬਈ ਦੀ ਸਕਾਊਟਿੰਗ ਟੀਮ (ਪ੍ਰਤਿਭਾ ਖੋਜ ਟੀਮ) ਨੇ ਉਨ੍ਹਾਂ ਨੂੰ ਪੰਜਾਬ ਤੋਂ ਲੱਭ ਲਿਆ। ਨਮਨ ਨੇ ਆਪਣੇ ਕਰੀਅਰ 'ਚ ਸਿਰਫ 6 ਪੇਸ਼ੇਵਰ ਟੀ-20 ਮੈਚ ਖੇਡੇ ਹਨ। ਇਨ੍ਹਾਂ ਵਿਚ ਇੱਕ ਆਈਪੀਐਲ ਮੈਚ ਹੈ ਅਤੇ ਬਾਕੀ ਸਈਅਦ ਮੁਸ਼ਤਾਕ ਅਲੀ ਟਰਾਫੀ (SMAT) ਮੈਚ ਹਨ। ਨਮਨ ਸਈਅਦ ਮੁਸ਼ਤਾਕ ਅਲੀ ਟਰਾਫੀ ਜਿੱਤਣ ਵਾਲੀ ਪੰਜਾਬ ਟੀਮ ਦਾ ਵੀ ਹਿੱਸਾ ਸਨ।
ਪੰਜਾਬ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਵਾਲੇ ਨਮਨ ਨੇ ਲੰਬੇ ਫਾਰਮੈਟ ਦੀਆਂ 20 ਪਾਰੀਆਂ ਵਿੱਚ 574 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵੋਤਮ ਸਕੋਰ ਗੁਜਰਾਤ ਵਿਰੁੱਧ 134 ਦੌੜਾਂ ਹੈ, ਉਨ੍ਹਾਂ ਨੇ ਸੌਰਾਸ਼ਟਰ ਵਿਰੁੱਧ 131 ਦੌੜਾਂ ਅਤੇ ਚੰਡੀਗੜ੍ਹ ਵਿਰੁੱਧ 86 ਦੌੜਾਂ ਬਣਾਈਆਂ ਹਨ।
ਉਨ੍ਹਾਂ ਦੀ ਸੱਜੀ ਬਾਂਹ ਦੀ ਆਫਬ੍ਰੇਕ ਗੇਂਦਬਾਜ਼ੀ ਸ਼ੈਲੀ ਪ੍ਰਸਿੱਧ ਹੈ। ਧੀਰ ਨੂੰ ਸੰਗੀਤ ਦਾ ਵੀ ਸ਼ੌਕ ਹੈ।
ਨਮਨ ਧੀਰ ਨੇ ਕੇਂਦਰੀ ਵਿਦਿਆਲਿਆ ਤੋਂ 12ਵੀਂ ਦੀ ਪੜ੍ਹਾਈ ਕੀਤੀ ਅਤੇ ਫਿਰ ਬਾਬਾ ਫ਼ਰੀਦ ਕਾਲਜ, ਦਿਓਣ (ਬਠਿੰਡਾ) ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਡੀਏਵੀ ਕਾਲਜ ਜਲੰਧਰ ਤੋਂ ਐਮਏ ਇੰਗਲਿਸ਼ ਪੂਰੀ ਕੀਤੀ। ਉਹ 2006 ਤੋਂ ਲਗਾਤਾਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ।
ਅਮਿਤ ਜੈਨ ਨੇ ਦੱਸਿਆ ਕਿ ਹਨੂੰਮਾਨ ਜਨਮ ਉਤਸਵ ਮੌਕੇ ਮੰਦਰ ਕਮੇਟੀ ਵੱਲੋਂ ਮੰਦਰ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪੁਜਾਰੀ ਪ੍ਰਣਬ ਉਪਾਧਿਆਏ ਨੇ ਪੂਜਾ ਅਰਚਨਾ ਨੂੰ ਸੰਭਾਲਿਆ ਅਤੇ 56 ਪ੍ਰਕਾਰ ਦੇ ਭੋਗ ਵੀ ਅਰਪਿਤ ਕੀਤੇ ਗਏ, ਆਰਤੀ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਹੋਈ |
ਹਰ ਇਕਾਦਸ਼ੀ ਵਾਲੇ ਦਿਨ ਅਤੇ ਹਿੰਦੂ ਤਿਉਹਾਰਾਂ ਦੇ ਮੌਕੇ 'ਤੇ ਮੰਦਰ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਕੀਰਤਨ ਕਰਵਾਇਆ ਜਾਂਦਾ ਹੈ, ਜਿਸ 'ਚ ਪ੍ਰਸਿੱਧ ਭਜਨ ਗਾਇਕ ਖਾਟੂ ਵਾਲੇ ਸ਼ਿਆਮ ਬਾਬਾ, ਸ਼੍ਰੀ ਹਨੂੰਮਾਨ ਜੀ ਅਤੇ ਹੋਰ ਦੇਵੀ-ਦੇਵਤਿਆਂ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਮੰਦਰ ਵਿੱਚ ਇੱਕ ਪੱਕਾ ਪਗੋਡਾ ਬਣਾਕੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਾਟੂ ਤੋਂ ਲਿਆਂਦੀ ਜੋਤ ਵੀ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਅਮਿਤ ਜੈਨ ਜੁਗਨੂੰ ਤੋਂ ਇਲਾਵਾ ਰਾਹੁਲ ਬਾਂਸਲ, ਦੀਪਕ ਗੋਇਲ, ਅਰਵਿੰਦ ਕੁਮਾਰ, ਮੋਹਿਤ ਨਾਰੰਗ, ਰਿੱਕੀ ਗਰੋਵਰ, ਰਾਕੇਸ਼ ਗੇਰਾ, ਆਸ਼ੂ ਅਗਰਵਾਲ, ਨਰੇਸ਼ ਗਰੋਵਰ, ਕਿਸ਼ਨਜੀਤ ਗਰੋਵਰ, ਸੌਰਭ ਗਰੋਵਰ ਅਤੇ ਵਿਕਾਸ ਗੁਪਤਾ ਵੀ ਹਾਜ਼ਰ ਸਨ।